ਚੰਡੀਗੜ੍ਹ, 27 ਅਪ੍ਰੈਲ 2023 (ਨਿਊਜ਼ ਟੀਮ): ਚੰਡੀਗੜ੍ਹ ਵਿੱਚ ਜੰਮੇ ਅਤੇ ਵੱਡੇ ਹੋਏ, ਸਾਬਕਾ ਕ੍ਰਿਕਟਰ ਅਤੇ ਵਰਤਮਾਨ ਵਿੱਚ ਸਿਡਨੀ ਵਿੱਚ ਸਥਿਤ ਉਦਯੋਗਪਤੀ ਮੁਨੀਸ਼ ਸੋਨੀ ਨੇ ਆਪਣੀ ਆਸਟ੍ਰੇਲੀਆਈ ਫਰੈਂਚਾਈਜ਼ੀ ਟੀਮ - 'ਪ੍ਰੀਮੀਅਰ ਓਏਸਿਸ' ਲਈ ਚੰਡੀਗੜ੍ਹ ਵਿੱਚ ਇੱਕ ਟੈਲੇਂਟ ਸਰਚ ਪ੍ਰੌਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮੁਨੀਸ਼ ਸੋਨੀ ਨੇ ਆਪਣੇ ਭਰਾ ਅਮਿਤ ਸੋਨੀ ਦੇ ਨਾਲ ਆਈਪੀਐਲ ਦੀ ਤਰਜ਼ 'ਤੇ ਯੂਐਸਏ ਕ੍ਰਿਕਟ ਬੋਰਡ ਦੁਆਰਾ ਆਯੋਜਿਤ ਕੀਤੀ ਜਾਣ ਵਾਲੀ 'ਅਮਰੀਕਨ ਪ੍ਰੀਮੀਅਰ ਟੀ-20 ਲੀਗ' ਲਈ ਆਸਟਰੇਲੀਆ ਤੋਂ ਭਾਗ ਲੈਣ ਵਾਲੀ ਟੀਮ ਪ੍ਰੀਮੀਅਰ ਓਏਸਿਸ ਦੀ ਫਰੈਂਚਾਈਜ਼ੀ ਖਰੀਦੀ ਹੈ।
ਆਪਣੀ ਵਿਉਂਤਬੰਦੀ ਦੇ ਅਨੁਸਾਰ, ਸੋਨੀ ਭਰਾ, ਜੋ ਕਿ ਹਾਲ ਹੀ ਵਿੱਚ ਵਤਨ ਪਰਤੇ ਹਨ, ਨੇ ਆਸਟਰੇਲੀਆਈ ਟੀਮ ਲਈ ਆਪਣੇ ਜੱਦੀ ਸ਼ਹਿਰ ਚੰਡੀਗੜ੍ਹ ਤੋਂ ਕੁਝ ਪ੍ਰਤਿਭਾਵਾਂ ਨੂੰ ਮੌਕਾ ਦੇਣ ਲਈ ਇਸ ਪ੍ਰੋਗਰਾਮ ਦਾ ਐਲਾਨ ਕੀਤਾ ਹੈ।
ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁਨੀਸ਼ ਸੋਨੀ ਅਤੇ ਅਮਿਤ ਸੋਨੀ ਨੇ ਕਿਹਾ ਕਿ ਇਹ ਯੂ.ਐੱਸ.ਏ. ਕ੍ਰਿਕਟ ਬੋਰਡ ਦਾ ਦੂਜਾ ਸਲਾਨਾ ਸਮਾਗਮ ਹੈ ਜਿਸ ਵਿਚ ਇਸ ਸਾਲ ਦਸੰਬਰ 2023 ਵਿਚ ਫਲੋਰੀਡਾ ਵਿਚ ਟੀ-20 ਲੀਗ ਕਰਵਾਈ ਜਾਵੇਗੀ। ਇਸ ਵਿੱਚ ਮੇਜ਼ਬਾਨ ਅਮਰੀਕਾ ਤੋਂ ਇਲਾਵਾ ਆਸਟ੍ਰੇਲੀਆ, ਪਾਕਿਸਤਾਨ, ਵੈਸਟਇੰਡੀਜ਼, ਇੰਗਲੈਂਡ, ਕੈਨੇਡਾ, ਨਿਊਜ਼ੀਲੈਂਡ, ਅਫਗਾਨਿਸਤਾਨ, ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਵੀ ਭਾਗ ਲੈ ਰਹੀਆਂ ਹਨ। ਆਖਰੀ ਲੀਗ 13 ਸਤੰਬਰ 2021 ਨੂੰ ਹੋਈ ਸੀ।
90 ਦੇ ਦਹਾਕੇ ਵਿੱਚ ਯੁਵਰਾਜ ਸਿੰਘ, ਹਰਭਜਨ ਸਿੰਘ ਨਾਲ ਕ੍ਰਿਕਟ ਖੇਡਣ ਵਾਲੇ ਅਤੇ ਰਾਇਲ ਕ੍ਰਿਕਟ ਕਲੱਬ ਦੇ ਸੰਸਥਾਪਕ ਵਿਜੇਂਦਰ ਜੈਨ, ਸੁਰਿੰਦਰ ਬਾਈਜੀ, ਅੰਤਰ ਆਤਮਾ ਸਿੰਘ ਅਤੇ ਯੂਨੀਵਰਸਿਟੀ ਦੇ ਕੋਚ ਰਾਜਿੰਦਰ ਥਮਨ ਤੋਂ ਕ੍ਰਿਕਟ ਦੇ ਗੁਰ ਸਿੱਖਣ ਵਾਲੇ ਮੁਨੀਸ਼ ਸੋਨੀ ਨੇ ਦੱਸਿਆ ਕਿ ਭਾਰਤ ਕ੍ਰਿਕਟ ਦਾ ਗੜ੍ਹ ਹੈ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੀ ਨਜ਼ਰ ਆਪਣੇ ਕੁਝ ਖਿਡਾਰੀਆਂ ਦੇ ਨਾਲ-ਨਾਲ ਸਪੋਰਟ ਸਟਾਫ ਲਈ ਭਾਰਤ 'ਤੇ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਕ੍ਰਿਕਟ ਸਿੱਖਣ ਤੋਂ ਬਾਅਦ ਹੁਣ ਚੰਡੀਗੜ੍ਹ ਨੂੰ ਕੁਝ ਦੇਣ ਦੀ ਵਾਰੀ ਹੈ ਅਤੇ ਇਸ ਮਕਸਦ ਲਈ ਉਹ ਹੁਣ ਇਸ ਟੈਲੇਂਟ ਖੋਜ ਪ੍ਰੋਗਰਾਮ ਰਾਹੀਂ ਚੰਡੀਗੜ੍ਹ ਦੇ ਹੁਨਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਜਾਗਰ ਕਰਨਾ ਚਾਹੁੰਦੇ ਹਨ।
ਇਸ ਮੌਕੇ 'ਤੇ ਮੌਜੂਦ ਹਰਿਆਣਾ ਦੇ ਸਾਬਕਾ ਰਣਜੀ ਕ੍ਰਿਕਟਰ ਅਤੇ ਸਫਲ ਕ੍ਰਿਕਟ ਕੋਚ ਸੁਰਿੰਦਰ ਭਾਈ ਅਤੇ ਅੰਤਰ ਆਤਮਾ ਸਿੰਘ ਨੇ ਸੋਨੀ ਭਰਾਵਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਲੀਗ ਰਾਹੀਂ ਸਥਾਨਕ ਖਿਡਾਰੀਆਂ 'ਚ ਹੋਰ ਉਤਸ਼ਾਹ ਪੈਦਾ ਹੋਵੇਗਾ।